21/04/2021
#400ਸਾਲਾਪ੍ਰਕਾਸ਼ਗੁਰਪੁਰਬ
ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਤੇ ਸਿੱਖਿਆਵਾਂ 1
ਤੌਹੀਦ,ਸਾਂਝੀਵਾਰਤਾ ਤੇ ਸਮਾਨਤਾ ਦਾ ਨਾਹਰਾ-ਇ-ਹੱਕ ਬੁਲੰਦ ਕਰਨਾ ਕਿਸੇ ੴ ਦੇ ਉਪਾਸ਼ਕ,ਰੱਬ- ਰੱਤੇ ਗੋਬਿੰਦ ਰੂਪ ਤੇ ਧੁਰੋ ਵਰਸਾਈ ਹਸਤੀ ਦਾ ਹੀ ਕੰਮ ਹੋ ਸਕਦਾ ਹੈ ਅਤੇ ਉਹ ਅਦੁੱਤੀ ਸਖਸ਼ੀਅਤ ਸੀ : ਗੁਰੂ ਨਾਨਕ ਸਾਹਿਬ ਜੀ। ਜਿੰਨ੍ਹਾਂ ਨੂੰ ਪਰਮਾਤਮਾ ਨੇ ਆਪਣੀਆਂ ਸਾਰੀਆਂ ਬਖਸ਼ਿਸ਼ਾਂ ਨਾਲ ਸੁਹਜ-ਸਵਾਰ ਕੇ ਮਨੁੱਖੀ ਜਾਮੇ ਵਿੱਚ, ਸਮਾਜ ਵਿੱਚ ਆ ਚੁੱਕੀ ਗਿਰਾਵਟ ਨੂੰ ਦੂਰ ਕਰਨ ਲਈ ਮਾਤ ਲੋਕ ਤੇ ਭੇਜਿਆ ।ਇਸ ਰੱਬੀ ਜੋਤਿ ਦੇ ਬਾਬਤ ਭੱਟ ਸਾਹਿਬਾਨ ਆਖਦੇ ਹਨ:
ਜੋਤਿ ਰੂਪਿ ਹਰਿ ਆਪਿ ਗੁਰੂ ਨਾਨਕੁ ਕਹਾਯਉ ॥
( ਭੱਟ ਮਥੁਰਾ ,ਅੰਗ 1408)
ਸੁਣੀ ਪੁਕਾਰਿ ਦਾਤਾਰ ਪ੍ਰਭੁ ਗੁਰੁ ਨਾਨਕ ਜਗ ਮਾਹਿ ਪਠਾਇਆ ॥
( ਵਾਰ ਪਹਿਲੀ ,ਪਉੜੀ 23)
ਉਨ੍ਹਾਂ ਨੇ ਮਨੁੱਖਤਾ ਦਾ ਦਰਦ ਵੰਡਾਉਂਣ ਦੀ ਖਾਤਰ,ਜਰਵਾਣੇ ਹਾਕਮਾਂ ਦੇ ਜ਼ੁਲਮ ਹੇਠ ਦੱਬੇ-ਕੁਚਲੇ ਲੋਕਾਂ ਨੂੰ ਇਨਸਾਫ ਦਿਵਾਉਣ ਦੀ ਖਾਤਰ, ਉਨ੍ਹਾਂ ਦੇ ਹੱਕ ਵਿੱਚ ਆਵਾਜ ਬੁਲੰਦ ਕੀਤੀ ਤੇ ਸਮਾਜ ਨੂੰ ਗੁਲਾਮੀ ਦੀਆਂ ਜ਼ੰਜ਼ੀਰਾ ਤੋਂ ਆਜ਼ਾਦ ਕਰਵਾਉਂਣ ਲਈ ਸੰਸਾਰ ਦਾ ਭ੍ਰਮਣ ਕੀਤਾ।ਇਸ ਸਮੇਂ ਗੁਰੂ ਨਾਨਕ ਸਾਹਿਬ ਜੀ ਨੇ ਲੋਕਾਈ ਨੂੰ ਇੱੱਕ ਓਅੰਕਾਰ ਨਾਲ ਜੋੜਨ ਲਈ ਸ਼ਬਦ ਨੂੰ ਆਪਣੀ ਸੁਰਤ ਵਿੱਚ ਵਸਾਉਂਣ ਦੀ ਪ੍ਰੇਰਨਾ ਦਿੱਤੀ ।ਕੁਰਾਹੇ ਪਈ ਲੋਕਾਈ ਨੂੰ ਸ਼ਬਦ ਦੀ ਚੋਟ ਨਾਲ ਸਿੱਧੇ ਰਸਤੇ ਪਾਇਆ।ਇੰਨ੍ਹਾਂ ਸ਼ਬਦਾਂ ਦੇ ਭੰਡਾਰ ਨੂੰ ਗੁਰੂ ਸਾਹਿਬ ਕਿਤਾਬ/ਪੋਥੀ ਵਿੱਚ ਦਰਜ ਕਰਦੇ ਗਏ,ਜੋ ਉਹ ਹਰ ਸਮੇਂ ਆਪਣੇ ਕੋਲ ਰੱਖਦੇ ਸਨ ।ਉਸ ਕਿਤਾਬ/ਪੋਥੀ ਦਾ ਜ਼ਿਕਰ ਭਾਈ ਗੁਰਦਾਸ ਜੀ ਇਉਂ ਕਰਦੇ ਹਨ:
ਬਾਬਾ ਫਿਰਿ ਮਕੇ ਗਇਆ ਨੀਲ ਬਸਤ੍ਰ ਧਾਰੇ ਬਨਵਾਰੀ॥
ਆਸਾ ਹਥਿ ਕਿਤਾਬ ਕਛਿ ਕੂਜਾ ਬਾਂਗਿ ਮੁਸਲਾ ਧਾਰੀ ॥
( ਪਉੜੀ 1,ਵਾਰ 32 )
ਮਾਲਾ ਦੇ ਮਣਕਿਆਂ ਵਾਂਗ ਜਿਹੜੇ ਮਹਾਨ ਪੁਰਸ਼ਾਂ ਦੀ ਰਚਨਾ ਮਨੁੱਖਤਾ ,ਇਨਸਾਨੀਅਤ,ਰੱਬੀ ਹੁਕਮ,ਪ੍ਰਭੂ ਭੈਅ ਤੇ ਪਰਮਾਤਮਾ ਦੇ ਪ੍ਰੇਮ ਵਿੱਚ ਇੱਕ ਸੂਤਰ ਪਰੋਈ ਹੋਈ ਸੀ ,ਉਸਨੂੰ ਵੀ ਇਸ ਪੋਥੀ ਵਿੱਚ ਲਿਖਦੇ ਗਏ।ਇਸਦੇ ਫੈਲਾਓ ਲਈ ਉਨ੍ਹਾਂ ਨੇ ਲਹਣੇ ਨੂੰ ਅੰਗਦ ਬਣਾ ਨਵੇਂ ਬਸਤਰ ਪਹਿਨਾਏ ਅਤੇ ਸ਼ਬਦਾਂ ਦਾ ਭੰਡਾਰ ਜੋ ਪੋਥੀ ਰੂਪ ਵਿੱਚ ਉਨ੍ਹਾਂ ਨੇ ਆਪਣੇ ਕੋਲ ਸੰਭਾਲ ਕੇ ਰੱਖਿਆ ਸੀ ,ਉਹ ਗੁਰੂ ਅੰਗਦ ਸਾਹਿਬ ਜੀ ਦੇ ਹਵਾਲੇ ਕਰ ਦਿੱਤਾ।ਇਸ ਦੀ ਗਵਾਹੀ ‘ਪੁਰਾਤਨ ਜਨਮਸਾਖੀ ਵਿੱਚ ਇਸ ਪ੍ਰਕਾਰ ਅੰਕਿਤ ਕੀਤੀ ਗਈ ਹੈ :
ਰਾਤਿ ਅੰਮ੍ਰਿਤ ਵੇਲਾ ਹੋਇਆ ਚਲਣੈ ਕੇ ਵਖਤਿ॥
ਤਿਤੁ ਮਹਲਿ ਜੋ ਸਬਦ ਹੋਇਆ ਸੋ ਪੋਥੀ ਗੁਰੂ ਅੰਗਦ ਜੀ ਜੋਗ ਮਿਲੀ॥
ਇਹ ਪਿਉ ਦਾਦੇ ਦਾ ਬੇਸ਼-ਕੀਮਤੀ ਅਮੋਲਕ ਖਜ਼ਾਨਾ ਚਲਦਿਆਂ ਚਲਦਿਆਂ ਗੁਰੂ ਅਰਜਨ ਸਾਹਿਬ ਜੀ ਤੱਕ ਪਹੁੰਚਿਆ,ਜਿੰਨ੍ਹਾਂ ਦਾ ਸਰੀਰ ਬਦਲਿਆ ਪਰ ਜੋਤਿ ਗੁਰੂ ਨਾਨਕ ਸਾਹਿਬ ਜੀ ਵਾਲੀ ਹੀ ਰਹੀ।ਇਸ ਵਿਚਾਰ ਦਾ ਜ਼ਿਕਰ ਭੱਟ ਸਾਹਿਬਾਨ ਨੇ ਇਉਂ ਕੀਤਾ ਹੈ :
ਜੋਤਿ ਰੂਪਿ ਹਰਿ ਆਪਿ ਗੁਰੂ ਨਾਨਕੁ ਕਹਾਯਉ ॥
ਤਾ ਤੇ ਅੰਗਦੁ ਭਯਉ ਤਤ ਸਿਉ ਤਤੁ ਮਿਲਾਯਉ ॥
ਅੰਗਦਿ ਕਿਰਪਾ ਧਾਰਿ ਅਮਰੁ ਸਤਿਗੁਰੁ ਥਿਰੁ ਕੀਅਉ ॥
ਅਮਰਦਾਸਿ ਅਮਰਤੁ ਛਤ੍ਰ ਗੁਰ ਰਾਮਹਿ ਦੀਅਉ ॥
ਗੁਰ ਰਾਮਦਾਸ ਦਸਨੇ ਪਰਸਿ ਕਹਿ ਮਥੁਰਾ ਅੰਮ੍ਰਿਤ ਬਯਣ ॥
ਮੂਰਤਿ ਪੰਚ ਪ੍ਰਮਾਣੁ ਪੁਰਖ ਗੁਰੁ ਅਰਜਨੁ ਪਿਖਹੁ ਨਯਣ ॥
( ਭੱਟ ਮਥੁਰਾ,ਅੰਗ 1408)
ਉਨ੍ਹਾਂ ਨੇ ਇਸ ਸਮੁੱਚੀ ਬਾਣੀ ਨੂੰ ਇੱਕ ਤਰਤੀਬ ਅਨੁਸਾਰ ਆਪਣੇ ਬਹੁਤ ਹੀ ਪਿਆਰੇ ਗੁਰਸਿੱਖ ਤੇ ਗਿਆਨ ਦੇ ਅਥਾਹ ਸਾਗਰ ਭਾਈ ਗੁਰਦਾਸ ਜੀ ਪਾਸੋਂ ਰਾਮਸਰ ਸਰੋਵਰ ਦੇ ਕੰਢੇ ਬੈਠ ਕੁਦਰਤੀ ਵਰਤਾਰੇ ਨੂੰ ਮਾਣਦੇ ਹੋਏ ਲਿਖਵਾਇਆ।ਇਸ ਵਿੱਚ ਕੁਲ 34 ਮਹਾਪੁਰਸਾਂ ( 5 ਗੁਰੂ ਸਾਹਿਬਾਨ,15 ਭਗਤ,11 ਭੱਟ ਅਤੇ 3 ਗੁਰਸਿੱਖਾਂ ) ਦੀ ਬਾਣੀ 30 ਰਾਗਾਂ ਵਿੱਚ ਦਰਜ ਕਰਵਾਈ ।ਇਸਨੂੰ ਪੋਥੀ ਸਾਹਿਬ ਦਾ ਨਾਮ ਦਿੱਤਾ ਤੇ ਇਸਦਾ ਪਹਿਲਾ ਪ੍ਰਕਾਸ਼ ਸ੍ਰੀ ਦਰਬਾਰ ਸਾਹਿਬ ਕਰਕੇ ਸਮੁੱਚੀ ਮਨੁੱਖਤਾ ਨੂੰ ਆਪਣੇ ਕਲਾਵੇ ਵਿੱਚ ਲੈ ਲਿਆ।
ਗੁਰੂ ਹਰਿਕ੍ਰਿਸ਼ਨ ਜੀ ਦੇ ਜੋਤੀ ਜੋਤਿ ਸਮਾਉਣ ਤੋ ਬਾਅਦ ਚਲਦੀ ਆ ਰਹੀ ਪਰੰਪਰਾ ਅਨੁਸਾਰ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਗੁਰਗੱਦੀ ਤੇ ਬਿਠਾਇਆ ਗਿਆ।ਉਨ੍ਹਾਂ ਦਾ ਗੁਰੂ ਕਾਲ ਦਾ ਸਮਾਂ ਲਗਭਗ 11 ਸਾਲ ਦਾ ਹੈ,ਪਰ ਹੈਰਾਨਗੀ ਇਸ ਗੱਲ ਦੀ ਹੈ ਕਿ ਇਤਨੇ ਥੋੜੇ ਸਮੇਂ ਵਿੱਚ ਜਿੱਥੇ ਆਪ ਨੇ ਭਾਰਤ ਵਰਸ਼ ਦੇ ਦੂਰ ਦੁਰਾਡੇ ਵੱਖ- ਵੱਖ ਇਲਾਕਿਆਂ ਦਾ ਭ੍ਰਮਣ ਕੀਤਾ ,ਉੱਥੇ ਨਾਲ ਹੀ ਬਾਣੀ ਦੀ ਰਚਨਾ ਵੀ ਕੀਤੀ ।ਗੁਰੂ ਜੀ ਦੇ 59 ਸਬਦ ਅਤੇ 57 ਸਲੋਕ ਹਨ।ਸਲੋਕ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਤ ਵਿੱਚ ਦਰਜ ਹਨ.ਸ਼ਬਦ ਜੋ ਕਿ 15 ਰਾਗਾਂ ਵਿੱਚ ਹੇਠ ਲਿਖੇ ਅਨੁਸਾਰ ਹਨ :
ਰਾਗੁ ਗਉੜੀ 9 ਸ਼ਬਦ ਰਾਗੁ ਤਿਲੰਗ 3 ਸ਼ਬਦ
ਰਾਗੁ ਆਸਾ 1 ਸ਼ਬਦ ਰਾਗੁ ਬਿਲਾਵਲੁ 3 ਸ਼ਬਦ
ਰਾਗੁ ਦੇਵਗੰਧਾਰੀ 3 ਸ਼ਬਦ ਰਾਗੁ ਰਾਮਕਲੀ 3 ਸ਼ਬਦ
ਰਾਗੁ ਬਿਹਾਗੜਾ 1 ਸ਼ਬਦ ਰਾਗੁ ਮਾਰੂ 3 ਸ਼ਬਦ
ਰਾਗੁ ਸੋਰਠਿ 12 ਸ਼ਬਦ ਰਾਗੁ ਬਸੰਤ 5 ਸ਼ਬਦ
ਰਾਗੁ ਧਨਾਸਰੀ 4 ਸ਼ਬਦ ਰਾਗੁ ਸਾਰੰਗ 4 ਸ਼ਬਦ
ਰਾਗੁ ਜੈਤਸਰੀ 3 ਸ਼ਬਦ ਰਾਗੁ ਜੈਜਾਵੰਤੀ 4 ਸ਼ਬਦ
ਰਾਗੁ ਟੋਡੀ 1 ਸ਼ਬਦ ਕੁਲ ਜੋੜ 59 ਸ਼ਬਦ
ਗੁਰੂ ਜੀ ਦੀ ਸਭ ਤੋਂ ਵੱਧ ਬਾਣੀ ਸੋਰਠਿ ਰਾਗ ਵਿੱਚ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਜੈਜਾਵੰਤੀ ( ਜਿੱਤ ਦਾ ਰਾਗ) ,ਇੱਕ ਅੇੈਸਾ ਰਾਗ ਹੈ ਵਿੱਚ ਜਿਸ ਵਿੱਚ ਕੇਵਲ ਗੁਰੂ ਤੇਗ ਬਹਾਦਰ ਜੀ ਦੇ ਹੀ ਸ਼ਬਦ ਹਨ।ਸਿਰੀਰਾਗ ਦੇ ਨਾਲ ਰਾਗਾਂ ਦੀ ਸ਼ੁਰੂਆਤ ਹੁੰਦੀ ਹੈ ਤੇ ਜੈਜਾਵੰਤੀ ਨਾਲ ਰਾਗਾਂ ਦੀ ਸਮਾਪਤੀ ।ਇਸ ਤੋਂ ਪਹਿਲਾ ਤੇ ਬਾਅਦ ਵਿੱਚ ਸਾਰੀ ਬਾਣੀ ਰਾਗ ਮੁਕਤ ਹੈ।ਇਹ ਸਾਰੀ ਬਾਣੀ ਗੁਰੂ ਗੋਬਿੰਦ ਸਿੰਘ ਜੀ ਨੇ ਪੋਥੀ ਸਾਹਿਬ ਵਿੱਚ ਦਰਜ ਕਰਕੇ ਇਸਨੂੰ ਸੰਪੂਰਨ ਕੀਤਾ।
ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸਮੁੱਚੀ ਬਾਣੀ ਮਨੁੱਖੀ ਜੀਵਨ ਦਾ ਆਦਰਸ਼ਕ ਫਲਸਫਾ ਹੈ ਜੋ ਸਿੱਖਿਆ ਤੇ ਉਪਦੇਸ਼ ਨਾਲ ਓਤ-ਪੋਤ ਹੈ ,ਮਨੁੱਖਤਾ ਅਤੇ ਰੱਬਤਾ ਦਾ ਮਿੱਠਾ ਰਾਗ ਹੈ,,ਸੋਜ਼ ਤੇ ਸੋਣ ਭਰਪੂਰ ਹੈ.ਜਿਸ ਵਿੱਚ ਜਗਤ ਦੀ ਅਸਲੀਅਤ,ਦੁੱਖ ਸੁੱਖ,ਉਸਤਤਿ-ਨਿੰਦਾ,ਮਾਨ-ਅਪਮਾਨ,ਸੋਨਾ-ਮਿੱਟੀ ਦੀ ਹਕੀਕਤ ਸਾਫ ਨਜ਼ਰ ਆ ਰਹੀ ਹੈ।ਗੁਰੂ ਜੀ ਦੀ ਰਚਨਾ ਸਰਲ ਭਾਸਾ ਵਿੱਚ ਲਿਖੀ ਗਈ ,ਜੋ ਹਰ ਪ੍ਰਾਣੀ ਮਾਤਰ ਨੂੰ ਬਿਨਾ ਕਿਸੇ ਜਿਆਦਾ ਮੁਸ਼ੱਕਤ ਦੇ ਸਮਝ ਆ ਜਾਂਦੀ ਹੈ।ਆਪ ਨੇ ਭਾਵੇਂ ਅਰਬੀ ਅਤੇ ਫਾਰਸੀ ਭਾਸ਼ਾ ਵਿੱਚ ਕਾਫੀ ਮੁਹਾਰਤ ਹਾਸਲ ਕੀਤੀ ,ਪਰ ਆਪ ਜੀ ਦੀ ਬਾਣੀ ਵਿੱਚ ਹਿੰਦਕੀ ਭਾਸ਼ਾ ਦੇ ਕਾਫੀ ਸ਼ਬਦ ਮਿਲਦੇ ਹਨ।ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇਹ ਖਾਸ਼ੀਅਤ ਹੈ ਕਿ ਇਸ ਵਿੱਚ ਅਨੇਕਾਂ ਭਾਸ਼ਾਵਾਂ ਦੇ ਸ਼ਬਦ ਮੌਜੂਦ ਹਨ ,ਪਰ ਉਨ੍ਹਾਂ ਸਭ ਦੀ ਲਿਖਣ ਸ਼ੇੈਲੀ ਗੁਰਮੁਖੀ ( ਲਿਪੀ ) ਹੈ।
ਆਪ ਜੀ ਨੇ ਬਾਣੀ ਵਿੱਚ ਅਨੇਕਾਂ ਦ੍ਰਿਸ਼ਟਾਂਤਾਂ ਅਤੇ ਅਲੰਕਾਰਾਂ ਦੀ ਵੀ ਵਰਤੋਂ ਕੀਤੀ।ਉਪਮਾ ਅਲੰਕਾਰ ਤੇ ਰੂਪਕ ਅਲੰਕਾਰ ਦੀਆਂ ਕਈਆਂ ਉਦਹਾਰਨਾਂ ਆਪ ਜੀ ਦੀ ਰਚਨਾ ਵਿੱਚੋ ਸਹਜੇ ਹੀ ਪ੍ਰਾਪਤ ਹੋ ਜਾਂਦੀਆਂ ਹਨ ਜਿਵੇਂ :
ਉਪਮਾ ਅਲੰਕਾਰ :
ਪੁਹਪ ਮਧਿ ਜਿਉਂ ਬਾਸੁ ਬਸਤੁ ਹੈ ਮੁਕਰ ਮਾਹਿ ਜੈਸੇ ਛਾਈ ॥
ਤੈਸੇ ਹੀ ਹਰਿ ਬਸੇ ਨਿਰੰਤਰਿ ਘਟ ਜੀ ਖੋਜਹੁ ਭਾਈ ॥ ( ਧਨਾਸਰੀ ਮਹਲਾ 9,684)
ਜੋ ਦੀਸੈ ਸੋ ਸਗਲ ਬਿਨਾਸੈ ਜਿਉ ਬਾਦਰ ਕੀ ਛਾਈ ॥
ਜਨ ਨਾਨਕ ਜਗੁ ਜਾਨਿਓ ਮਿਥਿਆ ਰਹਿਓ ਰਾਮ ਸਰਨਾਈ ॥ (ਗਉੜੀ ਮਹਲਾ 9,219 )
ਰੂਪਕ ਅਲੰਕਾਰ
ਘਰਿ ਕੀ ਨਾਰਿ ਬਹੁਤੁ ਹਿਤੁ ਜਾ ਸਿਉ ਸਦਾ ਰਹਤ ਸੰਗਿ ਲਾਗੀ॥
ਜਬ ਹੀ ਹੰਸ ਤਜੀ ਇਹੁ ਕਾਂਇਆ ਪ੍ਰੇਤ ਪ੍ਰੇਤ ਕਰ ਭਾਗੀ ॥
( ਸੋਰਠਿ ਮਹਲਾ 9, 634 )
ਸੋ ਵਿਦਵਾਨਾਂ ਦੇ ਅਨੁਸਾਰ ਕਿਸੇ ਵੀ ਰਚਨਾ ਦੇ ਦੋ ਪੱਖ ਹੁੰਦੇ ਹਨ : ਰੂਪ ਪੱਖ ਅਤੇ ਵਿਸ਼ੈ ਪੱਖ।ਰੂਪ ਪੱਖ ਤੋ ਆਪ ਜੀ ਰਚਨਾ ਸੰਗੀਤਮਈ ਹੈ ਜੋ ਮਨੁੱਖੀ ਮਨਾਂ ਉੱਪਰ ਸਿੱਧਾ ਅਸਰ ਕਰਦੀ ਹੈ।ਜਦੋਂ ਕਿਸੇ ਵੀ ਸ਼ਬਦ ਨੂੰ ਰਾਗ ਦੀਆਂ ਧੁਨਾਂ ਨਾਲ ਗਾਇਆ ਜਾਂਦਾ ਹੈ ਤਾਂ ਉਸ ਨੂੰ ਸੁਣਨ ਵਾਲਾ ਹਰੇਕ ਸ੍ਰੋਤਾ ਮੰਤ੍ਰ ਮੁਗਧ ਹੋ ਜਾਂਦਾ ਹੈ।ਸੋ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸ਼ਬਦ ਅਤੇ ਸਲੋਕਾਂ ਵਿੱਚ ਸਭ ਤੋਂ ਵੱਧ ‘ਮਨ’ ਅਤੇ ‘ਸਾਧੋ’ ਸਬਦ ਆਏ ਹਨ ਭਾਵ ਮਨ ਅਤੇ ਸੰਤਸੰਗੀਆਂ ਨੂੰ ਸਬੰਧੋਨ ਕੀਤਾ ਗਿਆ ਹੈ।ਮਨੁੱਖੀ ਜੀਵਨ ਦੇ ਹਰੇਕ ਵਿਸੇ ਨੂੰ ਆਪ ਜੀ ਨੇ ਬਹੁਤ ਬੇਬਾਕੀ ਨਾਲ ਛੂੰਹਿਆ ਤੇ ਪੇਸ਼ ਕੀਤਾ ਹੈ।
ਆਪ ਜੀ ਰਚਨਾ ਵਿੱਚ ਪਰਮਾਤਮਾ ਦਾ ਸਿਮਰਨ,ਮਨੁੱਖੀ ਜੀਵਨ ਦਾ ਮਨੋਰਥ,ਜਿੰਦਗੀ ਦੀ ਅਸਲੀਅਤ, ਪ੍ਰਭੂ ਦੀ ਰਜ਼ਾ,ਮੌਤ ਜੀਵਨ ਦੀ ਅਟੱਲ ਸੱਚਾਈ ਹੈ,ਪ੍ਰੇਮ ਅਧਾਰਿਤ ਵੈਰਾਗ,ਮਨ ਦੀ ਸਾਧਨਾ,ਸੰਤਸੰਗ ਦਾ ਪ੍ਰਭਾਵ ਆਦਿਕ ਵਿਸ਼ਿਆਂ ਬਾਰੇ ਜ਼ਿਕਰ ਹੈ।ਇੰਨ੍ਹਾਂ ਸਭ ਦਾ ਵਿਸਥਾਰ ਇਸ ਪ੍ਰਕਾਰ ਹੈ :
ਮਨੁੱਖੀ ਜੀਵਨ ਦਾ ਮਨੋਰਥ
ਸੰਸਾਰ ਦੀਆਂ ਸਭ ਜੂਨਾਂ ਨਾਲੋਂ ਮਨੁੱਖਾ ਦੇਹੀ ਉੱਤਮ ਹੈ।ਜੇ ਜੀਵ ਦੀ ਸਭ ਪਾਸੇ ਜੈ ਜੈ-ਕਾਰ ਹੈ ਤਾਂ ਉਹ ਮਨੁੱਖਾਂ ਦੇਹੀ ਕਰਕੇ ਹੈ ,ਨਹੀ ਤਾਂ ਇਹ ਭੀ ਹੋਰ ਜੂਨਾਂ ਵਾਂਗ ਹੀ ਹੈ ।ਭਾਈ ਗੁਰਦਾਸ ਜੀ ਨੇ ਮਨੁੱਖ ਅਤੇ ਪਸ਼ੂ ਜੂਨ ਵਿੱਚ ਅੰਤਰ ਕਰਦੇ ਹੋਏ ਕਿਹਾ ਹੈ ਕਿ ਮਨੁੱਖ ਕੋਲ ਬਿਬੇਕ ਬੁੱਧ ਹੈ ,ਸੁਣਨ ਸ਼ਕਤੀ ਹੈ,ਬੋਲਣ ਦੀ ਸ਼ਕਤੀ ਹੈ ਜਦਕਿ ਪਸ਼ੂ ਬਿਬੇਕਹੀਨ ਹੈ,ਸਮਝਹੀਨ ਹੈ , ਸ਼ਬਦਹੀਨ ਹੈ ਭਾਵ ਜੁਬਾਨ ਹੋਣ ਦੇ ਬਾਵਜੂਦ ਵੀ ਉਹ ਆਪਣੀ ਗੱਲ ਬੋਲ ਕੇ ਨਹੀਂ ਦੱਸ ਸਕਦਾ ।
ਪਸ਼ੂਆ ਮਾਨੁਖ ਦੇਹ ਅੰਤਰਿ ਅੰਤਰੁ ਇਹੈ ਸਬਦ ਸੁਰਤ ਕੋ ਬਿਬੇਕ ਅਬਿਬੇਕ ਹੈ ॥
ਪਸੁ ਹਰਿਹਾਉ ਕਹਿਓ ਸੁਨਿਓ ਅਨਸੁਨਿਓ ਕਰੈ ਮਾਨਸ ਜਨਮ ਉਪਦੇਸ ਰਿਦੈ ਟੇਕ ਹੈ॥
ਪਸੂਆ ਸਬਦ ਹੀਨ ਜਿਹਬਾ ਨਾ ਬੋਲਿ ਸਾਕੈ ਮਾਨਸ ਜਨਮ ਬੋਲੈ ਬਚਨ ਅਨੇਕ ਹੈ ॥
ਸਬਦੁ ਸੁਰਤਿ ਸੁਨਿ ਸਮਖਿ ਬੋਲੈ ਬਿਬੇਕੀ ਬਾਤੁਰ ਅਚੇਤ ਪਸੁ ਪ੍ਰੇਤ ਹੂ ਮੈ ਏਕ ਹੈ ॥
(ਕਬਿੱਤ ਨੰਬਰ 200)
ਸੋ ਮਨੁੱਖਾਂ ਦੇਹੀ ਪ੍ਰਭੂ ਦੇ ਗੁਣ ਗਾਉਂਣ ਲਈ ਪ੍ਰਾਪਤ ਹੋਈ ਹੈ ।ਇਹ ਜਨਮ ਤਾਂ ਹੀ ਅਮੋਲਕ ਹੈ ਜੇ ਇਸ ਰਾਹੀਂ ਪਰਮਪਦ ਦੀ ਪ੍ਰਾਪਤੀ ਹੋ ਜਾਏ। ਜਿਵੇ ਨਦੀਆਂ, ਨਾਲਿਆਂ ਦਾ ਪਾਣੀ ਭਾਂਵੇ ਉਹ ਜਿੰਨ੍ਹਾਂ ਵੀ ਮੈਲਾ ਕਿਉਂ ਨਾਂਹ ਹੋ ਜਾਏ ,ਪਰ ਜਦੋਂ ਉਹ ਸਮੁੰਦਰ ਵਿੱਚ ਮਿਲਦਾ ਹੈ ਤਾਂ ਉਹ ਸਮੰੁਦਰ ਦਾ ਰੂਪ ਹੋ ਜਾਂਦਾ ਹੈ ਇਸੇ ਤਰ੍ਹਾਂ ਜੀਵ ਨੇ ਪ੍ਰਭੂ ਵਿੱਚ ਅਭੇਦ ਹੋਣਾ ਹੈ। ਗੁਰੂ ਤੇਗ ਬਹਾਦਰ ਜੀ ਆਖਦੇ ਹਨ ਕਿ ਜਦੋਂ ਗੁਰੂ ਦੀ ਕਿਰਪਾ ਨਾਲ ਮਨੁੱਖ ਨੂੰ ਜੀਵਨ ਦੀ ਅਸਲੀ ਜੁਗਤਿ ਸਮਝ ਲੱਗ ਜਾਂਦੀ ਹੈ ਤਾਂ ਉਸਦੀ ਦੀ ਪਰਮਾਤਮਾ ਵਿੱਚ ਲੀਨਤਾ ਅਵੱਸ਼ਕ ਹੋ ਜਾਂਦੀ ਹੈ ।
ਗੁਨ ਗੋਬਿੰਦ ਗਾਇਓ ਨਹੀ ਜਨਮੁ ਅਕਾਰਥੁ ਕੀਨੁ ॥
ਗੁਰ ਕਿਰਪਾ ਜਿਹ ਨਰ ਕਉ ਕੀਨੀ ਤਿਹ ਇਹ ਜੁਗਤਿ ਪਛਾਨੀ ॥
ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ ਸੰਗਿ ਪਾਨੀ ॥ ( ਸੋਰਠਿ ਮਹਲਾ 9,633 )
ਪਰਮਾਤਮਾ ਦੀ ਸਰਬ ਵਿਆਪਕਤਾ
ਸੰਸਾਰ ਪ੍ਰਭੂ ਦਾ ਘਰ ਹੈ,ਜਿਸਨੂੰ ਬਣਾਉਣ ਤੋਂ ਬਾਅਦ ਉਸਨੇ ਇਸ ਵਿੱਚ ਸਦਾ ਲਈ ਆਪਣੀ ਜੋਤਿ ਟਿਕਾ ਦਿੱਤੀ।ਜਿਸ ਤਰ੍ਹਾ ਸੀਸੇ ਵਿੱਚ ਵੇਖਣ ਵਾਲੇ ਦਾ ਲਕਸ਼ ਛੁਪਿਆ ਹੁੰਦਾ ਹੈ,ਜਿਸ ਤਰ੍ਹਾਂ ਫੁੱਲ ਵਿੱਚ ਸੁਗੰਧੀ ਮੌਜ਼ੂਦ ਹੈ ਇਸੇ ਤਰ੍ਹਾ ਰੱਬ ਵੀ ਦੁਨੀਆਂ ਦੇ ਹਰ ਕੋਨੇ ਵਿੱਚ ਵੱਸਿਆ ਹੈ ।ਸਿਰਫ ਲੋੜ ਹੈ ਉਸਨੂੰ ਪਹਿਚਾਨਣ ਦੀ। ਗੁਰਬਾਣੀ ਦਾ ਵਾਕ ਹੈ :
ਪੁਹਪ ਪੁਹਪ ਮਧਿ ਜਿਉਂ ਬਾਸੁ ਬਸਤੁ ਹੈ ਮੁਕਰ ਮਾਹਿ ਜੈਸੇ ਛਾਈ ॥
ਤੈਸੇ ਹੀ ਹਰਿ ਬਸੇ ਨਿਰੰਤਰਿ ਘਟ ਜੀ ਖੋਜਹੁ ਭਾਈ ॥ ( ਧਨਾਸਰੀ ਮਹਲਾ 9,684)
ਘਟ ਘਟ ਮਹਿ ਹਰਿ ਜੂ ਬਸੈ ਸੰਤਨ ਕਹਿਓ ਪੁਕਾਰ ॥
( ਸਲੋਕ ਮਹਲਾ 9 )
ਪਰਮਾਤਮਾ ਨਾਂਹ ਕਿਸੇ ਸੱਤਵੇਂ ਅਸਮਾਨ ਤੇ ਹੈ,ਨਾਂਹ ਕਿਸੇ ਵਿਸ਼ੇਸ਼ ਜਗ੍ਹਾ ਤੇ ਹੈ,ਸਗੋ ਉਹ ਹਰ ਹਿਰਦੇ ਵਿੱਚ ਹੈ । ਜਿਵੇ ਹਿਰਨ ਨਾਭੀ ਵਿੱਚਲੀ ਕਸਤੂਰੀ ਦੀ ਖੁਸਬੂ ਨੂੰ ਪ੍ਰਾਪਤ ਕਰਨ ਲਈ ਥਾਂ ਥਾ ਭਟਕਦਾ ਫਿਰਦਾ ਹੈ ,ਤਿਵੇਂ ਹੀ ਮਨੁੱਖ ਉਸ ਨੂੰ ਆਪਣੇ ਹਿਰਦੇ ਵਿੱਚ ਖੋਜਣ ਦੀ ਥਾਂ ਜੰਗਲਾਂ ਬੇਲਿਆਂ ਵਿੱਚ ਭੱਜਦਾ ਦੌੜਦਾ ਫਿਰਦਾ ਹੈ।
ਕਾਹੇ ਰੇ ਬਨ ਖੋਜਨ ਜਾਈ ॥
ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗਿ ਸਮਾਈ ॥ ( ਮਹਲਾ 9,684 )
ਮਨ ਦਾ ਟਿਕਾਓ
ਜਿਵੇਂ ਘਰ ਵਿੱਚ ਸਾਰਾ ਖਾਣਾ ਰਸੋਈ ਵਿੱਚ ਬਣਾਇਆ ਜਾਂਦਾ ਹੈ,ਤਿਵੇਂ ਸਾਰੇ ਵਿਚਾਰ ( ਚੰਗੇ ਜਾਂ ਮਾੜੇ )
ਪਹਿਲਾਂ ਮਨੁੱਖੀ ਮਨ ਵਿੱਚ ਪੈਦਾ ਹੁੰਦੇ ਹਨ।ਇਹ ਕਰਮ ਇ੍ਰੰਦਿਆਂ ਦੇ ਰਾਹੀ ਆਪਣੇ ਕੰਮਾਂ ਨੂੰ ਅੰਜ਼ਾਮ ਦਿੰਦਾ ਹੈ।ਗੁਰੂ ਜੀ ਆਪਦੇ ਹਨ ਇਸ ਮਨ ਨੂੰ ਵੱਸ ਵਿੱਚ ਨਹੀਂ ਕੀਤਾ ਜਾ ਸਕਦਾ ਕਿਉਂਕਿ ਇਹ ਅਨੇਕਾਂ ਹਾਵ-ਭਾਵ ਕਰਨ ਵਾਲੀ ਤ੍ਰਿਸ਼ਨਾ,ਮਾਇਆ,ਤੇ ਵਿਕਾਰਾਂ ਦੇ ਵਿੱਚ ਗ੍ਰਸਤ ਰਹਿੰਦਾ ਹੈ।ਮਨ ਨੂੰ ਵੱਸ ਵਿੱਚ ਕਰਨ ਲਈ ਜੋਗੀਆਂ ਨੇ ਹਰ ਇੱਕ ਯਤਨ ਕੀਤਾ ,ਦੇਵੀ ਦੇਵਤਿਆਂ ਨੇ ਪ੍ਰਯਾਸ ਕੀਤਾ ,ਪਰ ਕੋਈ ਵੀ ਕਾਮਯਾਬ ਨਹੀ ਹੋਇਆ।ਜਦੋਂ ਜੀਵ ਉੱਪਰ ਪ੍ਰਭੂ ਦਇਆਵਾਨ ਹੁੰਦਾ ਹੈ ਤਾਂ ਮਨ ਨੂੰ ਗੁਰੂ ਦੇ ਸ਼ਬਦ ਰਾਹੀ ਵੱਸ ਵਿੱਚ ਕੀਤਾ ਜਾ ਸਕਦਾ ਹੈ।
ਸਾਧੋ ਇਹੁ ਮਨੁ ਗਹਿਓ ਨ ਜਾਈ ॥
ਸੰਸਲ ਤ੍ਰਿਸ਼ਨਾ ਸੰਗਿ ਬਸਤੁ ਹੈ, ਯਾ ਤੇ ਥਿਰੁ ਨ ਰਹਾਈ ॥
ਜੋਗੀ ਜਤਨ ਕਰਤ ਸਭਿ ਹਾਰੇ ਗੁਨੀ ਰਹੇ ਗੁਨ ਗਾਈ ॥
ਜਨ ਨਾਨਕ ਹਰਿ ਭਏ ਦਇਆਲਾ ਤਉ ਸਭ ਬਿਧਿ ਬਨਿ ਆਈ ॥
ਕੋਊ ਮਾਈ ਭੂਲਿਓ ਮਨੁ ਸਮਝਾਵੈ॥
ਬੇਦ ਪੁਰਾਨ ਸਾਧ ਮਗ ਸੁਨਿ ਕਰਿ ਨਿਮਖ ਨ ਹਰਿ ਗੁਨ ਗਾਵੈ ॥
ਮਨ ਰੇ ਕਉਨੁ ਕਮੁਤਿ ਤੈ ਲੀਨੀ॥
ਪਰ ਦਾਰਾ ਨਿੰਦਿਆ ਰਸਿ ਰਚਿਓ ਰਾਮ ਭਗਤਿ ਨਹਿ ਕੀਨੀ ॥
ਰੱਬੀ ਰੰਗ ਵਿੱਚ ਰੰਗੇ ਪਿਆਰਿਆਂ ਦੀ ਅਵਸਥਾ
ਗੁਰੂ ਤੇਗ ਬਹਾਦਰ ਜੀ ਦੀ ਰਚਨਾ ਵਿੱਚ ਇੱਕ ਐਸੇ ਮਨੁੱਖ ਦੇ ਜੀਵਨ ਦਾ ਜ਼ਿਕਰ ਹੈ ਜੋ ਸੁੱਖ-ਦੁੱਖ,ਉਸਤਤਿ-ਨਿੰਦਾ,ਖੁਸ਼ੀ-ਗਮੀ,ਮਿੱਟੀ-ਸੋਨੇ ਨੂੰ ਇੱਕ ਸਮਾਨ ਜਾਣਦਾ ਹੈ ਭਾਵ ਸਭ ਕੁਝ ਰੱਬੀ ਰਜ਼ਾ ਸਮਝ ਕੇ ਪ੍ਰਵਾਨ ਕਰ ਲੈਦਾ ਹੈ।ਜਗਤ ਦਾ ਹਰ ਜੀਵ ਸੁਖ ਦੀ ਮੰਗ ਹਰ ਵੇਲੇ ਕਰਦਾ ਹੈ,ਦੁੱਖ ਨੂੰ ਕੋਈ ਵੀ ਵਿਅਕਤੀ ਪ੍ਰਵਾਨ ਨਹੀਂ ਕਰਦਾ ,ਪਰ ਸੁਖ ਤੇ ਦੁਖ ਦੋਵੇਂ ਕੱਪੜੇ ਹਨ ਜੋ ਹਰ ਸੰਸਾਰੀ ਵਿਅਕਤੀ ਨੂੰ ਪਹਿਨਣੇ ਹੀ ਪੈਦੇ ਹਨ।ਹਰੇਕ ਸੁੱਖ ਤੋਂ ਬਾਅਦ ਦੁੱਖ ਹੈ ਤੇ ਹਰੇਕ ਦੁੱਖ ਤੋਂ ਬਾਅਦ ਸੁੱਖ ਜੀਵ ਦੀ ਜਿੰਦਗੀ ਵਿੱਚ ਆਉਂਦਾ ਹੈ।ਗੁਰੂ ਜੀ ਨੇ ਐਸੇ ਜੀਵ ਨੂੰ ਹੀ ਗੁਰਬਾਣੀ ਵਿੱਚ ਗਿਆਨੀ , ਗੁਰਮੁਖਿ, ਸਾਧੋ ਅਤੇ ਸਾਧ ਕਿਹਾ ਹੈ।ਇਹ ਅਵਸਥਾ ਗੁਰੂ ਸ਼ਬਦ ਨੂੰ ਸੁਰਤ ਵਿੱਚ ਵਸਾਉਂਣ ਨਾਲ ਬਣਦੀ ਹੈ ।ਬਚਨ ਹਨ :
ਸੁਖੁ ਦੁਖੁ ਦੋਨੋ ਸਮ ਕਰਿ ਜਾਨੈ ਅਉਰੁ ਮਾਨ ਅਪਮਾਨਾ ॥
ਹਰਖ ਸੋਗ ਤੇ ਰਹੈ ਅਤੀਤਾ ਤਿਨਿ ਜਗਿ ਤਤੁ ਪਛਾਨਾ ॥
ਉਸਤਤਿ ਨਿੰਦਾ ਦੋਊ ਤਿਆਗੈ ਖੋਜੈ ਪਦੁ ਨਿਰਬਾਨਾ ॥
ਜਨ ਨਾਨਾਕ ਇਹ ਖੇਲੁ ਕਠਨੁ ਹੈ ਕਿਨਹੂੰ ਗੁਰਮੁਖਿ ਜਾਨਾ ॥
ਜੋ ਨਰੁ ਦੁਖ ਮਹਿ ਦੁਖੁ ਨਹੀ ਮਾਨੈ ॥
ਸੁਖ ਸਨੇਹੁ ਅਰੁ ਭੈ ਨਹੀ ਜਾ ਕੈ ਕੰਚਨ ਮਾਟੀ ਮਾਨੇੈ ॥
ਪਰਮਾਤਮਾ ਦਾ ਸਿਮਰਨ
ਸੇਵਾ ਅਤੇ ਸਿਮਰਨ ਸਿੱਖ ਧਰਮ ਦੇ ਦੋਂ ਥੰਮ ਹਨ ,ਜਿੰਨ੍ਹਾਂ ਤੋਂ ਬਗੈਰ ਸ਼ਾਇਦ ਸਿੱਖ ਦੀ ਜ਼ਿੰਦਗੀ ਅਧੂਰੀ ਹੈ ਪ੍ਰਭੂ ਦਾ ਸਿਮਰਨ ਬਹਿੰਦਿਆਂ ਉਠਦਿਆਂ ਹਰ ਵਕਤ ਕਰਦੇ ਰਹਿਣਾ ਚਾਹੀਦਾ ਹੈ ਭਾਵ ਹੱਥ ਕਾਰ ਵੱਲ ਤੇ ਚਿੱਤ ਯਾਰ ਵੱਲ ।ਸੰਸਾਰ ਵਿੱਚ ਰਹਿੰਦਿਆਂ ਹੋਇਆਂ ਆਪਣੀਆਂ ਜਿੰਮੇਵਾਰੀਆਂ ਨੂੰ ਬਹੁਤ ਬੇਬਾਕੀ ਨਾਲ ਨਿਭਾਉਂਣਾ ਹੀ ਪ੍ਰਭੂ ਦਾ ਸਿਮਰਨ ਹੈ।ਇਸ ਲਈ ਕਿਸੇ ਵਿਸ਼ੇਸ਼ ਸਥਾਨ ,ਵਿਸ਼ੇਸ਼ ਸੰਸਾਰਿਕ ਵਸਤਾਂ ਦੀ ਲੋੜ ਨਹੀ ਸਗੋਂ ਗੁਰੂ ਜੀ ਆਖਦੇ ਹਨ ਕਿ ਹੇ ਮਨੁੱਖ ! ਪਰਮਾਤਮਾ ਦਾ ਸਿਮਰਨ ਇੱਕ ਮਨ,ਇੱਕ-ਚਿੱਤ ਹੋ ਕੇ ਇਸ ਤਰ੍ਹਾਂ ਕਰਿਆ ਕਰੋ ਕਿ ਉਸ ਦਾ ਦਰ ਕਦੇ ਛੱਡਿਆ ਨਾਂਹ ਜਾਏ।ਜਿਵੇਂ ਕੁੱਤਾ ਆਪਣੇ ਮਾਲਕ ਦਾ ਘਰ ਕਦੇ ਛੱਡਦਾ ਨਹੀਂ ।
ਸੁਆਮੀ ਕੋ ਗ੍ਰਿਹੁ ਜਿਉ ਸਦਾ ਸੁਆਨ ਤਜਤ ਨਹੀ ਨਿਤ॥
ਨਾਨਕ ਇਹ ਬਿਧਿ ਹਰਿ ਭਜਹੁ ਇਕ ਮਨਿ ਹੁਇ ਇਕ ਚਿਤਿ ॥
ਜਿਹੜਾ ਜੀਵ ਇਸ ਤਰ੍ਹਾਂ ਪ੍ਰਭੂ ਸਿਮਰਨ ਵਿੱਚ ਰੁੱਝਿਆਂ ਰਹਿੰਦਾ ਹੈ ਉਹ ਪ੍ਰਭੂ ਦਾ ਹੂ ਰੂਪ ਹੋ ਜਾਂਦਾ ਹੈ ।ਪਰਮਾਤਮਾ ਵਿੱਚ ਤੇ ਉਸ ਵਿੱਚ ਕੋਈ ਫਰਕ ਨਹੀ ਰਹਿ ਜਾਂਦਾ ।
ਜੋ ਪ੍ਰਾਨੀ ਨਿਸਿ ਦਿਨੁ ਭਜੈ ਰੂਪ ਰਾਮ ਤਿਹ ਜਾਨੁ ॥
ਹਰਿ ਜਨ ਹਰਿ ਅੰਤਰੁ ਨਹੀ ਨਾਨਕ ਸਾਚੀ ਮਾਨੁ ॥
ਸੋ ਮਨੁੱਖਾ ਜੀਵਨ ਦਾ ਅਸਲ ਮਨੋਰਥ ਪ੍ਰਭੂ ਭਗਤੀ ਵਿੱਚ ਲੀਨ ਰਹਿ ਕੇ ਉਸ ਰੱਬੀ ਅਭੇਦਤਾ ਵਿੱਚ ਇੱਕਮਿੱਕ ਹੋਣਾ ਹੈ।ਇਹ ਤਾਂ ਹੀ ਹੋ ਸਕਦਾ ਹੈ ਜੇ ਜੀਵ ਗੁਰੂ ਦੇ ਦੱਸੇ ਉਪਦੇਸ਼ਾਂ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਵੇਂ।
ਮੌਤ ਤੋਂ ਘਬਰਾਉਂਣਾ ਨਹੀ
ਗੁਰੂ ਤੇਗ ਬਹਾਦਰ ਜੀ ਨੇ ਆਪਣੀ ਰਚਨਾ ਵਿੱਚ ਜੇ ਸਭ ਤੋਂ ਵੱਧ ਕਿਸੇ ਵਿਸ਼ੇ ਨੂੰ ਛੂੰਹਿਆਂ ਹੈ ਤਾਂ ਉਹ ਮੌਤ ਹੈ ਭਾਵ ਮੌਤ ਜੀਵਨ ਦੀ ਅਟੱਲ ਸੱਚਾਈ ਹੈ।ਗੁਰੂ ਜੀ ਦਾ ਮਕਸਦ ਮਨੁੱਖ ਨੂੰ ਭੈਭੀਤ ਕਰਨਾ ਨਹੀ ਸਗੋਂ ਉਸ ਵਿੱਚ ਸੱਚਿਆਈ ਦਾ ਟਾਕਰਾ ਕਰਨ ਦੀ ਹਿੰਮਤ ਪੈਦਾ ਕਰਨਾ ਹੈ।ਜਦੋਂ ਮਨੁੱਖ ਮੌਤ ਦਾ ਕਫਨ ਆਪਣੇ ਸਿਰ ਉੱਤੇ ਬੰਨ ਕੇ ਜਿੰਦਗੀ ਦਾ ਸਫਰ ਤਹਿ ਕਰੇਗਾ ਤਾਂ ਉਸ ਵਿੱਚ ਭਾਈਚਾਰਕ ਸਾਂਝ,ਕੁੱਝ ਕਰ ਸਕਣ ਦੀ ਹਿੰਮਤ ,ਸਰਬੱਤ ਦਾ ਭਲਾ ,ਨੈਤਿਕ ਕਦਰਾਂ ਕੀਮਤਾ ,ਸਬਰ-ਸੰਤੋਖ ਆਦਿਕ ਗੁਣਾਂ ਦੀ ਭਰਮਾਰ ਹੋਵੇਗੀ,ਉਸਦਾ ਜੀਵਨ ਬੇਈਮਾਨੀ,ਹੇਰਾ-ਫੇਰੀ,ਖੁਨ ਖਰਾਬੇ ,ਅੱਤਿਆਚਾਰ ਅਤੇ ਦੂਸਰਿਆਂ ਦਾ ਹੱਕ ਮਾਰਨ ਵਾਲੇ ਅਉਗੁਣਾ ਤੋਂ ਰਹਿਤ ਹੋਵੇਗਾ ।ਇਸ ਨਾਲ ਉਹ ਜਿੰਦਗੀ ਵਿੱਚ ਵਸਤੂਆਂ ਦਾ ਵਿਸਥਾਰ ਕਰਨ ਦੀ ਜਗ੍ਹਾਂ ਉਨ੍ਹਾਂ ਦਾ ਆਨੰਦ ਮਾਣੇਗਾ ।ਉਸਨੂੰ ਪਤਾ ਲੱਗ ਜਾਵੇਗਾ ਕਿ ਸਭ ਸਾਕ ਸਨਬੰਧੀ,ਰਿਸ਼ਤੇਦਾਰੀਆਂ,ਯਾਰ-ਮਿੱਤਰ ਸਭ ਜਿਉਂਦਿਆਂ ਦੇ ਰਿਸ਼ਤੇ ਨੇ ਕੋਈ ਕਿਸੇ ਦੇ ਨਾਲ ਨਹੀ ਮਰਦਾ ਨਾਂਹ ਜਾਦਾ ।
ਹੇ ਮਨੁੱਖ ! ਤੂੰ ਚਿੰਤਾ ਕਿਸ ਗੱਲ ਦੀ ਕਰਦਾ ਹੈ ,ਤੇਰੇ ਨਾਲ ਉਹੀ ਹੋ ਰਿਹਾ ਹੈ ਜੋ ਸੰਸਾਰ ਦੇ ਸ਼ੁਰੂ ਤੋਂ ਬਾਕੀ ਮਨੁੱਖਾਂ ਨਾਲ ਹੋ ਰਿਹਾ ।ਜਿਸ ਸਿੰਘਾਸਣ ਤੇ ਤੂੰ ਬੈਠਾ ਇਸ ਤੇ ਕਈ ਲੋਕ ਬੈਠ ਕੇ ਚਲੇ ਗਏ।ਜੋ ਪੈਦਾ ਹੋਇਆ ਹੋਇਆ ਉਸਨੇ ਇੱਕ ਨਾ ਇੱਕ ਦਿਨ ਨਾਸ਼ ਹੋ ਜਾਣਾ ਹੈ ।ਇਹ ਸੰਸਾਰ ਚਲਾਇਮਾਨ ਹੈ ਤੇ ਇਸਦੀ ਹਰ ਵਸਤੂ ਨਾਸ਼ਵੰਤ ਹੈ।
ਚਿੰਤਾ ਤਾ ਕੀ ਕੀਜੀਐ ਜੋ ਅਨਹੋਨੀ ਹੋਇ ॥
ਇਹੁ ਮਾਰਗੁ ਸਮਸਾਰ ਕੋ ਨਾਨਾਕ ਥਿਰੁ ਨਹੀ ਕੋੲ ॥
ਜੋ ਉਪਜਿਓ ਸੋ ਬਿਨਸਿ ਹੈ ਪਰੋ ਆਜੁ ਕੈ ਕਾਲਿ ॥
ਹੱਕਾਂ ਦੀ ਖਾਤਰ ਲੜਨਾ ਸਿੱਖੋ
ਗੁਰੂ ਜੀ ਨੇ ਹਰੇਕ ਮਨੁੱਖ ਨੂੰ ਆਪਣੇ ਹੱਕਾਂ ਦੀ ਖਾਤਰ ਖੜਨ ਦੀ ਤਾਗੀਦ ਕੀਤੀ ਹੈ ।ਜਿਵੇਂ ਉਸ ਸਮੇਂ ਦਾ ਹਾਕਮ ਔਰੰਗਜੇਬ ਜ਼ਬਰੀ ,ਧੱਕੋ ਜ਼ੋਰੀ ਨਾਲ ਲੋਕਾਂ ਦੇ ਹੱਕ ਖੋਹਣ ਦਾ ਯਤਨ ਕਰ ਰਿਹਾ ਸੀ ,ਉਸ ਦੇ ਵਿਰੁੱਧ ਮਨੁੱਖਤਾ ਦੇ ਮਸੀਹਾ ਗੁਰੂ ਜੀ ਅੜ ਖੜੋਤੇ।ਜੇ ਉਹ ਉਸ ਧਿਰ ਦੇ ਨਾਲ ਨਾਂਹ ਖੜਦੇ ਜਿਸ ਦਾ ਜਬਰੀ ਧਰਮ ਪਰਿਵਰਤਨ ਕੀਤਾ ਜਾ ਰਿਹਾ ਸੀ,ਧਾਰਮਿਕ ਚਿੰਨ੍ਹ ਉਤਾਰੇ ਜਾ ਰਹੇ ਸਨ ,ਤਾਂ ਅੱਜ ਇਤਿਹਾਸ ਕੁਝ ਹੋਰ ਹੁੰਦਾ ।ਇਸੇ ਕਰਕੇ ਤਾਂ ਗੁਰੂ ਜੀ ਨੇ “ ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ” ਦਾ ਉਪਦੇਸ਼ ਦੇ ਕੇ ਆਪਣੇ ਹੱਕਾਂ ਦੀ ਖਾਤਰ ਖੁਦ ਲੜਨ ਦੀ ਪੇ੍ਰਰਨਾ ਦਿੱਤੀ ।ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਸ਼ਾਂਤੀ ਦਾ ਸ਼ਿਖਰ ਸੀ।ਪਰ ਇਸ ਸ਼ਹਾਦਤ ਨੇ ਕੌਮ ਦੇ ਲੋਕਾਂ ਅੰਦਰ ਇੰਨ੍ਹਾਂ ਜੋਸ਼ ਭਰ ਦਿੱਤਾ ਕਿ ਉਹ ਜਬਰ-ਜ਼ੁਲਮ ਦਾ ਮੁਕਾਬਲਾ ਕਰਨ ਲਈ ਉੱਠ ਖਲੋਤੇ।ਇਸ ਸ਼ਹਾਦਤ ਵਿੱਚੋਂ ਹੀ ਕੌਮੀ ਸੰਗਠਨ,ਕੌਮੀ ਕਿਲੇ,ਖਾਲਸੇ ਦੀ ਸਾਜਨਾ ਤੇ ਗੁਰੂ ਦੇ ਲਈ ਆਪਾ ਵਾਰਨ ਦੀ ਭਾਵਨਾ ਦਾ ਆਗਾਜ਼ ਹੋਇਆ।ਸਿੱਖ ਧਰਮ ਨੂੰ ਮੰਨਣ ਵਾਲਿਆਂ ਨੇ ਮਾਲਾ ਦੇ ਨਾਲ ਤਲਵਾਰ ਵੀ ਧਾਰਨ ਕਰ ਲਈ ਤੇ ਹਾਕਮ ਜਰਵਾਣਿਆਂ ਨੂੰ ਇਹ ਦੱਸ ਦਿੱਤਾ ਕਿ ਅਸੀਂ ਸਿਰਫ ਮਾਲਾ ਫੇਰਨੀ ਹੀ ਨਹੀਂ ਜਾਣਦੇ ਸਗੋਂ ਸਾਨੂੰ ਆਪਣੇ ਹੱਕਾਂ ਲਈ ਹਥਿਆਰਾਂ ਨਾਲ ਲੜਨਾ ਵੀ ਆਉਂਦਾ ਹੈ।
ਸੋ ਅੱਜ ਲੋੜ ਹੈ ਕੌਮ ਨੂੰ ਇੱਕ ਝੰਡੇ ਥੱਲੇ ਇਕੱਠੇ ਹੋ ਕੇ ਬੈਠਣ ਦੀ ਤੇ ਆਪਣੇ ਭਵਿੱਖ ਲਈ ਕੁਝ ਕਰ ਸਕਣ ਦੀ ।ਗੁਰੂ ਦਾ ਸਾਜਿਆ ਹੋਇਆ ਪੰਥ ਆਪਣਿਆਂ ਦੇ ਹੱਥੋਂ ਕਮਜ਼ੋਰ ਹੁੰਦਾ ਦਿਖਾਈ ਦੇ ਰਿਹਾ ਹੈ।ਜੇ ਅਸੀ ਕੌਮ ਨੂੰ ਮੁੜ ਗੁਰੂ ਦੇ ਆਸ਼ੇ ਅਨੁਸਾਰ ਖੜੀ ਕਰ ਸਕਣ ਵਿੱਚ ਕਾਮਯਾਬ ਹੋ ਸਕੇ ਤਾਂ ਇਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਗੁਰਪੁਰਬ ਉਨ੍ਹਾਂ ਨੂੰ ਸਾਡੀ ਸੱਚੀ ਤੇ ਸੁੱਚੀ ਸਰਧਾਜ਼ਲੀ ਹੋਵੇਗੀ।
ਜਗਜੀਤ ਸਿੰਘ ( ਐਮ ਏ ਹਿਸਟਰੀ,ਰਿਲੀਜ਼ਨ ਸਟੱਡੀਜ਼ )
ਧਾਰਮਿਕ ਅਧਿਆਪਕ
ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ਼ ,ਪੱਟੀ
ਸੰਪਰਕ ਨੰਬਰ 9781950304