20/01/2025
ਲੋਕ ਸਿਆਣਪਾਂ ਕਿਸੇ ਲੋਕ ਸਚਾਈ ਨੂੰ ਪੇਸ਼ ਕਰਦੀਆਂ ਹਨ ।ਇਹਨਾਂ ਨੂੰ ਨੀਤੀ ਬਚਨ ਵੀ ਕਿਹਾ ਜਾਂਦਾ ਹੈ ।ਇਹਨਾਂ ਵਿਚ ਕੰਮ ਧੰਦਿਆਂ ਤੋਂ ਲੈ ਕੇ ਆਤਮਕ ਅਨੁਭਵਾਂ ਤਕ ਦੇ ਕੋਮਲ ਅਹਿਸਾਸਾਂ ਨੂੰ ਚੋਣਵੇਂ ਤੱਤਾਂ ਦੇ ਰੂਪ ਵਿਚ ਪੇਸ਼ ਕੀਤਾ ਜਾਂਦਾ ਹੈ ।ਇਹ ਮਨੁੱਖੀ ਤਜ਼ਰਬਿਆਂ ਦੇ ਲੋਕ ਗਿਆਨ ਦੀ ਰਚਨਾ ਅਤੇ ਮਨੁੱਖੀ ਜੀਵਨ ਦਾ ਅਮੁੱਲ ਸਰਮਾਇਆ ਹੁੰਦੇ ਹਨ ।ਇਹ ਮਨੁੱਖੀ ਗਿਆਨ ਭੰਡਾਰ ਮਨੁੱਖ ਸਦੀਆਂ ਤੋਂ ਪੀੜ੍ਹੀਓ-ਪੀੜ੍ਹੀ ਮੌਖਿਕ ਰੂਪ ਵਿਚ ਲੋਕ ਮਨ ਵਿਚ ਸੰਚਾਰ ਕਰਦਾ ਆ ਰਿਹਾ ਹੈ ।ਲੋਕ ਸਿਆਣਪਾਂ ਪੱਕੇ -ਰਸੇ ਸੱਚ ਦਾ ਪ੍ਰਦਰਸ਼ਨ ਕਰਨ ਵਾਲੇ ਸਿਆਣੇ ਬੋਲ ਹੁੰਦੇ ਹਨ ,ਜੀਵਨ ਦਾ ਤਜ਼ਰਬਾ ਜ਼ਿੱਦਗੀ ਦੇ ਕਠੋਰ ਤੇ ਕੌੜੇ ਸੱਚ ਇਹਨਾਂ ਟੋਟਕਿਆਂ/ ਟੂਕਾਂ ਵਿਚ ਛੁਪੇ ਹੁੰਦੇ ਹਨ ।ਇਹਨਾਂ ਨੂੰ ਜ਼ਿੰਦਗੀ ਦਾ ਨਸੀਹਤਨਾਮਾ ਵੀ ਕਿਹਾ ਜਾ ਸਕਦਾ ਹੈ ।'ਸਿਆਣੇ ਦਾ ਕਿਹਾ ਤੇ ਔਲੇ ਦਾ ਖਾਧਾ ' ਵਾਂਗ ਇਹਨਾਂ ਦਾ ਪ੍ਰਭਾਵ ਕਿਸੇ ਅਣਹੋਏ ਹਾਦਸੇ ਦੇ ਵਾਪਰ ਜਾਣ ਮਗਰੋਂ ਹੁੰਦਾ ਹੈ । ਇਹ ਬੋਲ ਸਿਆਣੇ ਲੋਕਾਂ ਦੇ ਜੀਵਨ ਦਾ ਨਿਚੋੜ ਸੰਖੇਪ ਤੇ ਸਪੱਸ਼ਟ ਢੰਗ ਨਾਲ ਪੇਸ਼ ਕਰਦੇ ਹਨ ।ਇਹਨਾਂ ਦਾ ਅਮੁੱਲ ਭੰਡਾਰ ਜਿਸ ਵਿਅਕਤੀ ਪਾਸ ਹੁੰਦਾ ਹੈ ,ਉਸ ਦੀ ਦਿਮਾਗ਼ੀ ਅਮੀਰੀ ਦੀ ਸ਼ਾਨ ਹੀ ਵੱਖਰੀ ਹੁੰਦੀ ਹੈ ।ਉਹ ਪਿੰਡ ਦੀ ਪੰਚਾਇਤ,ਇਕੱਠ ਜਾਂ ਸੱਥ ਦਾ ਹੀਰੋ ਹੁੰਦਾ ਹੈ ।ਉਸ ਦੀਆਂ ਗੱਲਾਂ ਹਰ ਵਿਅਕਤੀ ਬੜੇ ਧਿਆਨ ਨਾਲ ਸੁਣਦਾ ਹੈ ।ਉਹ ਸਿਆਲ ਦੀ ਰੁੱਤ ਵਿਚ ਭੱਠੀ 'ਤੇ ਬੈਠਾ ਜਾਂ ਜੇਠ -ਹਾੜ ਦੇ ਦੁਪਹਿਰੇ ਪਿੱਪਲ/ਬੋਹੜ ਦੀ ਛਾਂਵੇਂ ਗੱਲਾਂ ਕਰਦਾ ਹੈ ਤਾਂ ਉਸ ਦੇ ਮੂੰਹ ਵਿਚੋਂ ਫੁੱਲ ਕਿਰਦੇ ਹਨ।ਉਹ ਜਿੱਥੇ ਲੋਕਾਂ ਦਾ ਮਨੋਰੰਜਨ ਕਰਦਾ ਹੈ, ਉੱਥੇ ਨਾਲ ਨਾਲ ਉਹਨਾਂ ਨੂੰ ਗਿਆਨ ਭਰਪੂਰ ਗੱਲਾਂ ਜਾਂ ਟੋਟਕੇ ਦੱਸ ਕੇ ਉਹਨਾਂ ਦੇ ਗਿਆਨ ਵਿਚ ਵੀ ਅਥਾਹ ਵਾਧਾ ਕਰਦਾ ਜਾਂਦਾ ਹੈ ।ਪੰਜਾਬੀ ਲੋਕ ਸਿਆਣਪਾਂ ,ਲੋਕ ਕਥਨਾਂ ,ਅਖੌਤਾਂ,ਮੁਹਾਵਰਿਆਂ,ਲੋਕ ਗੀਤਾਂ ,ਟੱਪਿਆਂ ,ਟੋਟਕਿਆਂ,ਚੁਟਕਲਿਆਂ ਬੁਝਾਰਤਾਂ ,ਨੀਤੀ ਬਚਨਾਂ ,ਆਦਿ ਵੱਖ ਵੱਖ ਰੂਪਾਂ ਵਿਚ ਮਿਲਦੀਆਂ ਹਨ ।ਅਸੀਂ ਇਹਨਾਂ ਨੂੰ ਵੱਖ ਵੱਖ ਸੰਗ੍ਰਿਹਾਂ ਵਿਚ ਇਕੱਤ੍ਰ ਕੀਤਾ ਹੈ ।
ਡਾ. ਕਰਮਜੀਤ ਕੌਰ ਦੀ ਇਹ ਰਚਨਾ ਲੋਕ ਸਿਆਣਪਾਂ ਦਾ ਅਮੁੱਲ ਸੰਗ੍ਰਹਿ ਹੈ ।ਇਸ ਵਿਚ ਲੋਕ ਕਥਨਾਂ ਅਤੇ ਨੀਤੀ ਬਚਨਾਂ ਦਾ ਅਖੁੱਟ ਭੰਡਾਰ ਹੈ ।ਲੇਖਕਾ ਨੇ ਬਹੁਤ ਮਿਹਨਤ ਕਰ ਕੇ ਵੱਖ ਵੱਖ ਸ੍ਰੋਤਾਂ ਤੋਂ ਇਹ ਸਾਮਗ੍ਰੀ ਇਕੱਤ੍ਰ ਕੀਤੀ ਹੈ ਅਤੇ ਵਿਚਾਰ-ਚਰਚਾ ਕੀਤੀ ਹੈ ।